ਕਿਹਾ, ਭਾਰਤ ’ਚ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਚਾਰ ਮਹੱਤਵਪੂਰਨ ਮੁੱਦੇ ਹਨ, ਪਰ ਮੋਦੀ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਵਿਜੈਪੁਰਾ/ਬੱਲਾਰੀ (ਕਰਨਾਟਕ): ਕਾਂਗਰਸ ਦੀ ਆਲੋਚਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ‘ਉਹ (ਮੋਦੀ) ਡਰੇ ਹੋਏ ਹਨ ਅਤੇ ਸਟੇਜ ’ਤੇ ਹੰਝੂ ਵੀ ਵਹਾ ਸਕਦੇ ਹਨ।’ ਰਾਹੁਲ ਗਾਂਧੀ ਨੇ ਭਾਜਪਾ ਨੂੰ ‘ਭਾਰਤੀ ਚੋਂਬੂ ਪਾਰਟੀ’ ਕਰਾਰ ਦਿਤਾ। ਕੰਨੜ ’ਚ ਕਟੋਰੇ ਨੂੰ ਚੋਂਬੂ ਕਿਹਾ ਜਾਂਦਾ ਹੈ।
ਕਾਂਗਰਸ ਸ਼ਾਸਿਤ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹਾ ਹੈੱਡਕੁਆਰਟਰ ਅਤੇ ਬੇਲਾਰੀ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਤੁਸੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣੇ ਹਨ। ਉਹ ਡਰੇ ਹੋਏ ਹਨ। ਸ਼ਾਇਦ ਉਹ ਸਟੇਜ ’ਤੇ ਹੰਝੂ ਵਹਾਉਣਾ ਸ਼ੁਰੂ ਕਰ ਦੇਣ।’’ ਅਪਣੀਆਂ ਹਾਲੀਆ ਰੈਲੀਆਂ ’ਚ ਪ੍ਰਧਾਨ ਮੰਤਰੀ ਮੋਦੀ ਨੇ ‘ਮੰਗਲਸੂਤਰ’, ‘ਦੌਲਤ ਦੀ ਮੁੜ ਵੰਡ’ ਅਤੇ ‘ਵਿਰਾਸਤ ਟੈਕਸ’ ਵਰਗੇ ਦੋਸ਼ਾਂ ਨਾਲ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਮੋਦੀ ’ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਦਾ ਧਿਆਨ ਭਟਕਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘‘ਮੋਦੀ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਦੇ ਉਹ ਚੀਨ ਅਤੇ ਪਾਕਿਸਤਾਨ ਬਾਰੇ ਗੱਲ ਕਰਨਗੇ, ਕਦੇ ਉਹ ਤੁਹਾਨੂੰ ਥਾਲੀ ਵਜਾਉਣ ਲਈ ਕਹਿਣਗੇ ਅਤੇ ਕਦੇ ਉਹ ਤੁਹਾਨੂੰ ਅਪਣੇ ਮੋਬਾਈਲ ਫੋਨ ’ਤੇ ਟਾਰਚ ਲਾਈਟ ਜਲਾਉਣ ਲਈ ਕਹਿਣਗੇ।’’ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ’ਚ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਚਾਰ ਮਹੱਤਵਪੂਰਨ ਮੁੱਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ ਕਾਂਗਰਸ ਹੀ ਬੇਰੁਜ਼ਗਾਰੀ ਨੂੰ ਖਤਮ ਕਰ ਸਕਦੀ ਹੈ, ਮਹਿੰਗਾਈ ਨੂੰ ਕੰਟਰੋਲ ਕਰ ਸਕਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦੇ ਸਕਦੀ ਹੈ।
ਉਨ੍ਹਾਂ ਕਿਹਾ, ‘‘ਮੋਦੀ ਨੇ ਸਿਰਫ ਗਰੀਬਾਂ ਦਾ ਪੈਸਾ ਲੁੱਟਿਆ ਹੈ। ਉਨ੍ਹਾਂ ਨੇ ਸਿਰਫ ਕੁੱਝ ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਦੇਸ਼ ’ਚ ਕਰੀਬ 22 ਲੋਕ ਅਜਿਹੇ ਹਨ, ਜਿਨ੍ਹਾਂ ਦੀ ਜਾਇਦਾਦ ਦੇਸ਼ ਦੇ 70 ਕਰੋੜ ਲੋਕਾਂ ਦੀ ਜਾਇਦਾਦ ਦੇ ਬਰਾਬਰ ਹੈ। ਸਿਰਫ ਇਕ ਫ਼ੀ ਸਦੀ ਦੇਸ਼ ਦੀ 40 ਫ਼ੀ ਸਦੀ ਦੌਲਤ ਨੂੰ ਕੰਟਰੋਲ ਕਰਦੇ ਹਨ।’’
ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ’ਚ ਦਲਿਤਾਂ, ਓ.ਬੀ.ਸੀ., ਘੱਟ ਗਿਣਤੀਆਂ ਅਤੇ ਜਨਰਲ ਵਰਗ ਦੇ ਗਰੀਬ ਲੋਕਾਂ ਲਈ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਸਿਰਫ ਇਕ ਵਾਕ ਵਿਚ ਅਪਣੀ ਗੱਲ ਸਪੱਸ਼ਟ ਕਰਾਂਗਾ। ਮੋਦੀ ਨੇ ਜੋ ਦੌਲਤ ਇਨ੍ਹਾਂ ਅਰਬਪਤੀਆਂ ਨੂੰ ਦਿਤੀ ਹੈ, ਉਹ ਪੈਸਾ ਅਸੀਂ ਦੇਸ਼ ਦੇ ਗਰੀਬ ਲੋਕਾਂ ਨੂੰ ਦੇਣ ਜਾ ਰਹੇ ਹਾਂ।’’
Subscribe our newsletter to stay updated