ਸੁਪ੍ਰੀਮ ਕੋਰਟ ਵਲੋਂ ਅੱਜ ਦੇ ਨਵ-ਵਿਅਹੁਤਾ ਜੋੜਿਆਂ ਵਲੋਂ ਅਦਾਲਤ ਵਿਚ ਦਿਤੇ ਬਿਆਨਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਤਲਾਕ ਦੇ ਕੇਸਾਂ ਨੂੰ ਅਦਾਲਤਾਂ ਵਿਚ ਤੇਜ਼ ਰਫ਼ਤਾਰ ਨਾਲ ਆਉਂਦਿਆਂ ਵੇਖ ਕੇ ਅਦਾਲਤ ਨੇ ਟਿਪਣੀ ਕੀਤੀ ਹੈ ਕਿ 2021 ਵਿਚ ਵਿਆਹ ਕਰਦੇ ਹਨ ਤੇ 2022 ਵਿਚ ਇਕ ਦੂਜੇ ’ਤੇ ਇਲਜ਼ਾਮ ਅਤੇ ਮੁਕੱਦਮੇ ਦਾਇਰ ਕਰ ਰਹੇ ਹੁੰਦੇ ਹਨ। ਅਦਾਲਤ ’ਤੇ ਪੈ ਰਹੇ ਵਾਧੂ ਭਾਰ ਬਾਰੇ ਅਦਾਲਤ ਚਿੰਤਾ ਨਹੀਂ ਕਰਦੀ ਪਰ ਵਿਆਹ ਦੀ ਸੰਸਥਾ ਬਾਰੇ ਚਿੰਤਿਤ ਜ਼ਰੂਰ ਹੈ ਕਿਉਂਕਿ ਇਹ ਰਿਸ਼ਤਾ ਦਬਾਅ ਹੇਠ ਹੈ।
ਜਸਟਿਸ ਕਾਂਤ ਇਕ ਪਾਸੇ ਇਕ ਪ੍ਰੇਮ ਵਿਆਹ ਦੇ ਮਾਮਲੇ ਨੂੰ, ਬਲਾਤਕਾਰ ਦੇ ਮਾਮਲੇ ਵਜੋਂ ਸੁਣ ਰਹੇ ਸਨ ਤੇ ਦੂਜੇ ਪਾਸੇ ਉਹ ਵਿਆਹ ਦਾ ਇਕ ਅਜਿਹਾ ਮਾਮਲਾ ਯਾਦ ਕਰ ਰਹੇ ਸਨ ਜਿਥੇ ਵਿਆਹ ਤੋਂ ਬਾਅਦ ਹੀ ਮੁੰਡਾ-ਕੁੜੀ ਅਦਾਲਤ ਵਿਚ ਵਿਆਹ ਰੱਦ ਕਰਵਾ ਰਹੇ ਸਨ ਕਿਉਂਕਿ ਉਹ ਇਕ ਦੂਜੇ ਨਾਲ ਸਰੀਰਕ ਰਿਸ਼ਤਾ ਨਹੀਂ ਰਖਣਾ ਚਾਹੁੰਦੇ ਸਨ।
ਅੱਜ ਦੇ ਦਿਨ ਜੱਜ ਦੀ ਗੱਲ ਨਾਲ ਸਾਰੇ ਸਹਿਮਤੀ ਵੀ ਰਖਦੇ ਹੋਣਗੇ ਕਿਉਂਕਿ ਅੱਜ ਦੀ ਪੀੜ੍ਹੀ ਦੇ ਰਿਸ਼ਤਿਆਂ ਪ੍ਰਤੀ ਸੋਚ ਬੜੀ ਅਜੀਬੋ ਗ਼ਰੀਬ ਹੈ। ਕਦੇ ਅਸੀ ਸੁਣਦੇ ਹਾਂ ਕਿ ਬੱਚੇ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਤੇ ਇਕ 33-35 ਸਾਲ ਦੇ ਮੁੰਡੇ ਨਾਲ ਇਸ ਬਾਰੇ ਗੱਲ ਹੋਈ ਤਾਂ ਉਸ ਦਾ ਕਹਿਣਾ ਸੀ ਕਿ ਜੇ ਮੈਂ ਵਿਆਹ ਕਰਵਾ ਲਿਆ ਤਾਂ ਅਪਣੀ ਅਲਮਾਰੀ ਵਿਚ ਕੁੜੀ ਨੂੰ ਵੀ ਥਾਂ ਦੇਣੀ ਪਵੇਗੀ।
ਉਹ ਇਕ ਵੱਡੇ ਘਰ ਵਿਚ ਰਹਿਣ ਵਾਲਾ ਸੀ ਜਿਸ ਕੋਲ ਥਾਂ ਦੀ ਘਾਟ ਤਾਂ ਨਹੀਂ ਸੀ ਪਰ ਦਿਲ ਵਿਚ ਥਾਂ ਨਹੀਂ ਸੀ। ਛੋਟੇ ਬੰਦਿਆਂ ਜਿਨ੍ਹਾਂ ਨੂੰ ਅਸੀ ਮਾਸੂਮ ਤੇ ਕੋਮਲ ਉਮਰ ਦਾ ਮੰਨਦੇ ਹਾਂ, ਉਹ ਅਠਵੀਂ ਨੌਵੀਂ ਵਿਚ ਹੀ ਪਿਆਰ ਦੀਆਂ ਖੇਡਾਂ ਵਿਚ ਪੈਰ ਪਾ ਚੁੱਕੇ ਹੁੰਦੇ ਹਨ ਤੇ ਫਿਰ ਦਸਵੀਂ ਤਕ ਮਾਹਰ ਬਣ ਗਏ ਹੁੰਦੇ ਹਨ। ਰਿਸ਼ਤੇ ਬਦਲਣ ਦੀ ਆਦਤ ਐਸੀ ਹੈ ਜਿਵੇਂ ਅਪਣੇ ਕਪੜੇ ਬਦਲੀਦੇ ਹਨ।
ਇਕ ਦੂਜੇ ਨੂੰ ਜਦ ਕੱਚੀ ਉਮਰ ਵਿਚ ਪਿਆਰ ਕਰਦੇ ਤੇ ਛਡਦੇ ਹਨ ਤੇ ਜਦ ਤਕ ਅਸਲ ਰਿਸ਼ਤੇ ਲਈ ਦਿਲ-ਦਿਮਾਗ਼ ਤੋਂ ਤਿਆਰ ਹੁੰਦੇ ਹਨ, ਉਦੋਂ ਤਕ ਉਹ ਏਨੀਆਂ ਚੋਟਾਂ ਖਾ ਚੁੱਕੇ ਹੁੰਦੇ ਹਨ ਕਿ ਉਹ ਅਪਣੇ ਦਿਲ ਦੀਆਂ ਦੀਵਾਰਾਂ ਉੱਚੀਆਂ ਕਰ ਲੈਂਦੇ ਹਨ ਜਿਸ ਵਿਚ ਕਿਸੇ ਅਪਣੇ ਵਾਸਤੇ ਵੀ ਥਾਂ ਨਹੀਂ ਰਹਿਣ ਦਿਤੀ ਜਾਂਦੀ।
ਕਸੂਰ ਸੋਸ਼ਲ ਮੀਡੀਆ ਦਾ ਕਢਿਆ ਜਾਵੇਗਾ ਜਾਂ ਇਨ੍ਹਾਂ ਫ਼ੋਨਾਂ ਦੀਆਂ ਐਪਾਂ ’ਤੇ ਜਿਨ੍ਹਾਂ ਰਾਹੀਂ ਅਸੀ ਪਲਾਂ ਵਿਚ ਕਿਸੇ ਨਾਲ ਜੁੜ ਜਾਂਦੇ ਹਾਂ। ਜੇ ਅਸਲੀਅਤ ਵਿਚ ਇਕ ਇਨਸਾਨ ਨਾਲ ਆਹਮੋ ਸਾਹਮਣੇ ਰਿਸ਼ਤਾ ਬਣਾਉਣਾ ਪਵੇ ਤਾਂ ਬੜਾ ਹੀ ਔਖਾ ਹੁੰਦਾ ਹੈ ਪਰ ਫ਼ੋਨ ’ਤੇ ਪਿਆਰ ਦੀਆਂ ਹੱਦਾਂ ਪਾਰ ਕਰਨ ਵਿਚ ਪਲ ਨਹੀਂ ਲਗਾਉਂਦੇ। ਅਜਿਹੇ ਰਿਸ਼ਤੇ ਟੁਟਦੇ ਵੀ ਇਸੇ ਰਫ਼ਤਾਰ ਨਾਲ ਹਨ।
ਇਸ ਕਮਜ਼ੋਰ ਬੁਨਿਆਦ ਉਤੇ ਰਚੇ ਵਿਆਹ, ਅਦਾਲਤੀ ਕਾਰਵਾਈ ’ਚ ਫੱਸ ਜਾਂਦੇ ਹਨ ਕਿਉਂਕਿ ਜਦੋਂ ਵਿਆਹ ਟੁਟਦਾ ਹੈ ਤਾਂ ਇਹ ਪ੍ਰਵਾਰ ਦੀ ਆਨ ਸ਼ਾਨ, ਪੈਸੇ ਦੇ ਲੈਣ ਦੇਣ, ਸੱਭ ’ਤੇ ਹਾਵੀ ਹੋ ਜਾਂਦਾ ਹੈ। ਇਥੇ ਸਾਡੇ ਸਿਸਟਮ ਦੀ ਕਮਜ਼ੋਰੀ ਵੀ ਹੈ ਕਿ ਉਨ੍ਹਾਂ ਨੇ ਵਿਆਹ ਨੂੰ ਬੰਨ੍ਹ ਕੇ ਰੱਖੀ ਰੱਖਣ ਵਾਸਤੇ ਕਾਨੂੰਨ ਨੂੰ ਤਲਾਕ ਦਾ ਦੁਸ਼ਮਣ ਬਣਾਇਆ ਹੈ ਤੇ ਫਿਰ ਟੁਟਦੇ ਰਿਸ਼ਤੇ ਇਕ ਦੂਜੇ ਵਿਰੁਧ ਮਾਮਲੇ ਦਰਜ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਪਰ ਕੀ ਸਾਰੀ 135 ਕਰੋੜ ਦੀ ਆਬਾਦੀ ਇਸ ਰਾਹ ’ਤੇ ਚਲ ਰਹੀ ਹੈ? ਕੀ ਪਿਆਰ ਸਾਰੇ ਰਿਸ਼ਤਿਆਂ ’ਚੋਂ ਖ਼ਤਮ ਹੋ ਚੁੱਕਾ ਹੈ? ਇਹ ਵੀ ਮੰਨਣਾ ਸਹੀ ਨਹੀਂ ਹੋਵੇਗਾ ਪਰ ਕਮਜ਼ੋਰੀਆਂ ਹੁਣ ਜ਼ਿਆਦਾ ਦਿਸ ਜਾਂਦੀਆਂ ਹਨ। ਕਈਆਂ ਕੋਲ ਅਸਲ ਕਾਰਨ ਹੁੰਦਾ ਹੈ ਵਿਆਹ ਤੋੜਨ ਦਾ ਤੇ ਉਨ੍ਹਾਂ ਵਿਚ ਇਹ ਅੱਲ੍ਹੜ ਮਿਲ ਕੇ ਵਿਆਹ ਬਾਰੇ ਗ਼ਲਤੀਆਂ ਫੈਲਾ ਲੈਂਦੇ ਹਨ।
ਜਿਥੇ ਰਿਸ਼ਤੇ ਕਮਜ਼ੋਰ ਹਨ ਉਥੇ ਪੱਕੇ ਰਿਸ਼ਤੇ ਵੀ ਹਨ ਪਰ ਸਾਡੇ ਕਾਨੂੰਨ ਤੇ ਸਮਾਜ ਵਿਚ ਹਰ ਤਰ੍ਹਾਂ ਦੇ ਰਿਸ਼ਤੇ ਨੂੰ ਅਪਣਾ ਰਾਹ ਬਣਾਉਣ ਲਈ ਸਬਰ ਕਰਨਾ ਪਵੇਗਾ। ਵਿਆਹ ਨੂੰ ਬਚਾਉਣ ਦੇ ਡਰ ਨਾਲ ਵਿਆਹਾਂ ਵਿਚ ਪਿਆਰ ਨਹੀਂ ਵਧਣ ਵਾਲਾ। ਬਦਲਦੇ ਸਮੇਂ ਨਾਲ ਜੇ ਸਾਡਾ ਸਿਸਟਮ ਅਪਣੇ ਆਪ ਨੂੰ ਤਬਦੀਲ ਕਰ ਲਵੇ ਤਾਂ ਅਸਲ ਰਿਸ਼ਤੇ ਵੀ ਬਣੇ ਰਹਿਣਗੇ ਤੇ ਕਮਜ਼ੋਰ ਟੁੱਟੇ ਹੋਏ ਰਿਸ਼ਤੇ ਅਸਾਨੀ ਨਾਲ ਟੁਟ ਕੇ ਕਾਨੂੰਨੀ ਤਕਰਾਰਾਂ ਵਿਚ ਸਮਾਜ ਦਾ ਮਾਹੌਲ ਖਰਾਬ ਨਹੀਂ ਕਰਨਗੇ। – ਨਿਮਰਤ ਕੌਰ
Subscribe our newsletter to stay updated